ਫ਼ਤਹਿਗੜ੍ਹ ਸਾਹਿਬ ਪੁਲਿਸ ਨੇ ਸਾਢੇ 04 ਕਿਲੋ ਅਫੀਮ ਸਮੇਤ
ਦੋ ਕਥਿਤ ਦੋਸ਼ੀਆਂ ਨੂੰ ਕਾਬੂ ਕੀਤਾ : ਹਰਪਾਲ ਸਿੰਘ
ਕਥਿਤ ਦੋਸ਼ੀਆਂ ਵਿਰੁੱਧ ਪਹਿਲਾਂ ਵੀ ਹਨ ਐਨ.ਡੀ.ਪੀ.ਐਸ. ਐਕਟ ਅਧੀਨ ਮੁਕੱਦਮੇ ਦਰਜ਼
ਫ਼ਤਹਿਗੜ੍ਹ ਸਾਹਿਬ, 14 ਫਰਵਰੀ :
ਜਿਲ੍ਹਾ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਸੀ.ਆਈ.ਏ. ਸਟਾਫ ਦੀ ਟੀਮ ਨੇ ਇੰਸਪੈਕਟਰ ਭੁਪਿੰਦਰ ਸਿੰਘ ਦੀ ਅਗਵਾਈ ਹੇਠ ਦੋ ਕਥਿਤ ਦੋਸ਼ੀਆਂ ਨੂੰ ਸਾਢੇ 4 ਕਿਲੋ ਅਫੀਮ ਸਮੇਤ ਗ੍ਰਿਫਤਾਰ ਕੀਤਾ। ਇਹ ਜਾਣਕਾਰੀ ਐਸ.ਪੀ. (ਡੀ) ਸ. ਹਰਪਾਲ ਸਿੰਘ ਨੇ ਆਪਣੇ ਦਫ਼ਤਰ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀ.ਆਈ.ਏ. ਸਟਾਫ ਸਰਹਿੰਦ ਦੇ ਇੰਚਾਰਜ ਇੰਸਪੈਕਟਰ ਭੁਪਿੰਦਰ ਸਿੰਘ ਨੇ ਸਮੇਤ ਐਸ.ਆਈ. ਨਰਿੰਦਰ ਸਿੰਘ ਅਤੇ ਏ.ਐਸ.ਆਈ. ਗੁਰਬਚਨ ਸਿੰਘ ਸਮੇਤ ਪੁਲਿਸ ਪਾਰਟੀ ਮੁਖਬਰੀ ਦੇ ਆਧਾਰ 'ਤੇ ਕਥਿਤ ਦੋਸ਼ੀਆਂ ਹਰਦੀਪ ਸਿੰਘ ਪੁੱਤਰ ਹਜੂਰਾ ਸਿੰਘ ਵਾਸੀ ਪਿੰਡ ਤਰਖੇੜੀ ਕਲਾਂ ਥਾਣਾ ਭਾਦਸੋਂ ਜ਼ਿਲ੍ਹਾ ਪਟਿਆਲਾ ਅਤੇ ਜਾਨਕੀ ਪ੍ਰਸ਼ਾਦ ਪੁੱਤਰ ਸਿਆਮ ਲਾਲ ਵਾਸੀ ਪਿੰਡ ਮਿਲਕ ਮਜਹਾਰਾ ਥਾਣਾ ਬਿਮੋਰਾ ਜ਼ਿਲ੍ਹਾ ਬਰੇਲੀ ਉਤਰ ਪ੍ਰਦੇਸ਼ ਨੂੰ ਸਰਹਿੰਦ-ਪਟਿਆਲਾ ਰੋਡ ਟੀ.ਪੁਆਇੰਟ ਵਿਖੇ ਪਿੰਡ ਚੋਰਵਾਲਾ ਵਿਖੇ ਨਾਕਾਬੰਦੀ ਦੌਰਾਨ ਕਾਬੂ ਕਰਕੇ ਉਨ੍ਹਾਂ ਪਾਸੋਂ ਸਾਢੇ 04 ਕਿਲੋ ਅਫੀਮ ਬਰਾਮਦ ਕੀਤੀ ਗਈ।
ਐਸ.ਪੀ. ਹਰਪਾਲ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀ ਹਰਦੀਪ ਸਿੰਘ ਅਤੇ ਜਾਨਕੀ ਪ੍ਰਸ਼ਾਦ ਹਰਦੀਪ ਸਿੰਘ ਦੇ ਕਾਲੇ ਰੰਗ ਦੇ ਮੋਟਰ ਸਾਈਕਲ ਨੰ: ਪੀ.ਬੀ. 11-ਸੀ.ਆਰ. 1036 ਮਾਰਕਾ ਹੀਰੋ ਡੀਲਕਸ 'ਤੇ ਸਵਾਰ ਸਨ। ਉਨ੍ਹਾਂ ਦੱਸਿਆ ਕਿ ਡੀ.ਐਸ.ਪੀ. ਸ. ਰਮਿੰਦਰ ਸਿੰਘ ਕਾਹਲੋਂ ਦੀ ਹਾਜਰੀ ਵਿੱਚ ਕਥਿਤ ਦੋਸ਼ੀਆਂ ਪਾਸੋਂ ਅਫੀਮ ਬਰਾਮਦ ਹੋਣ ਉਪਰੰਤ ਕਥਿਤ ਦੋਸ਼ੀਆਂ ਹਰਦੀਪ ਸਿੰਘ ਅਤੇ ਜਨਕੀ ਪ੍ਰਸ਼ਾਦ ਦੇ ਖਿਲਾਫ ਮੁਕੱਦਮਾ ਨੰ: 11 ਮਿਤੀ 14-02-2020 ਨੂੰ ਐਨ.ਡੀ.ਪੀ.ਐਸ. ਐਕਟ ਦੀ ਧਾਰਾ 18/61/85 ਅਧੀਨ ਥਾਣਾ ਮੂਲੇਪੁਰ ਵਿਖੇ ਦਰਜ਼ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਪਾਸੋਂ ਕੀਤੀ ਗਈ ਮੁਢਲੀ ਪੁੱਛਗਿਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਕਥਿਤ ਦੋਸ਼ੀ ਹਰਦੀਪ ਸਿੰਘ ਅਤੇ ਜਾਨਕੀ ਪ੍ਰਸ਼ਾਦ ਪਹਿਲਾਂ ਵੀ ਉਤਰ ਪ੍ਰਦੇਸ਼ ਤੋਂ ਅਫੀਮ ਦੀ ਸਮਗਲਿੰਗ ਕਰਕੇ ਪੰਜਾਬ ਵਿੱਚ ਵੇਚਣ ਦਾ ਲਮੇਂ ਸਮੇਂ ਤੋਂ ਧੰਦਾ ਕਰਦੇ ਆ ਰਹੇ ਹਨ।
ਐਸ.ਪੀ.(ਡੀ) ਨੇ ਦੱਸਿਆ ਕਿ ਕਥਿਤ ਦੋਸ਼ੀ ਹਰਦੀਪ ਸਿੰਘ ਵਿਰੁੱਧ ਪਹਿਲਾਂ ਵੀ ਐਨ.ਡੀ.ਪੀ.ਐਸ. ਐਕਟ ਦੀ ਧਾਰਾ 18/61/85 ਤਹਿਤ ਮੁਕੱਦਮਾ ਨੰ: 70 ਮਿਤੀ 15-03-2009 ਵਿੱਚ ਦਰਜ਼ ਹੈ ਜਿਸ ਵਿੱਚ ਉਸ ਪਾਸੋਂ ਢਾਈ ਕਿਲੋਗ੍ਰਾਮ ਅਫੀਮ ਬਰਾਮਦ ਹੋਈ ਸੀ । ਇਸ ਮੁਕੱਦਮੇ ਵਿੱਚ ਕਥਿਤ ਦੋਸ਼ੀ ਹਰਦੀਪ ਸਿੰਘ ਨੂੰ 08 ਸਾਲ ਦੀ ਸਜਾ ਹੋ ਚੁੱਕੀ ਹੈ ਜਿਸ ਵਿੱਚੋਂ ਉਸ ਨੇ 04 ਸਾਲ ਦੀ ਸਜਾ ਪੂਰੀ ਕਰ ਲਈ ਹੈ ਅਤੇ ਹੁਣ ਉਹ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਜਮਾਨਤ 'ਤੇ ਆਇਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਦੀ ਤਫਤੀਸ਼ ਜਾਰੀ ਹੈ ਅਤੇ ਇਸ ਵਿੱਚੋਂ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।
Comments
Post a Comment